ਧੰਨ ਧੰਨ ਜਗਤਗੁਰੂ ਰਵਿਦਾਸ ਜੀ ਮਹਾਰਾਜ ਜੀ ਦਾ 643ਵਾਂ ਗੁਰਪੁਰਬ ਅਤੇ ਰਵਿਦਾਸੀਆ ਧਰਮ ਦਾ ਸਥਾਪਨਾ ਦਿਵਸ 9 ਫ਼ਰਵਰੀ 2020 ਨੂੰ ਜਗਤਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ ਜਨਮ ਸਥਾਨ ਮੰਦਿਰ ਸੀਰ ਗੋਵਰਧਨਪੁਰ ਬਨਾਰਸ ਵਿਖੇ ਡੇਰਾ ਸੰਤ ਸਰਵਣ ਦਾਸ ਦੀ ਸੱਚਖੰਡ ਬੱਲਾਂ ਦੇ ਗੱਦੀਨਸ਼ੀਨ ਸਤਿਗੁਰੂ ਸਵਾਮੀ ਨਿਰੰਜਨ ਦਾਸ ਜੀ ਮਹਾਰਾਜ ਜੀ ਦੀ ਸਰਪ੍ਰਸਤੀ ਹੇਠ ਮਨਾਇਆ ਗਿਆ। ਇਸ ਪੂਰਬ ਵਿੱਚ ਦੇਸ਼ ਵਿਦੇਸ਼ ਤੋਂ ਸੰਗਤਾਂ ਨੇ ਹਾਜ਼ਰੀ ਭਰੀ। ਮਿਤੀ 6 ਫ਼ਰਵਰੀ ਨੂੰ ਡੇਰਾ ਸੱਚਖੰਡ ਬੱਲਾਂ ਤੋਂ ਸਤਿਗੁਰੂ ਨਿਰੰਜਨ ਦਾਸ ਜੀ ਮਹਾਰਾਜ ਹਜ਼ਾਰਾਂ ਸੰਗਤਾਂ ਦੇ ਨਾਲ ਬੇਗਮਪੁਰਾ ਐਕਸਪ੍ਰੈਸ ਟ੍ਰੇਨ ਵਿੱਚ ਬਨਾਰਸ ਲਈ ਰਵਾਨਾ ਹੋਏ। ਸਤਿਗੁਰਾਂ ਦਾ ਬਨਾਰਸ ਵਿਖੇ ਪਧਾਰਨ ਤੇ ਉਥੇ ਦੀਆਂ ਸੰਗਤਾਂ ਵੱਲੋਂ ਮਹਾਰਾਜ ਜੀ ਦਾ ਭਰਵਾਂ ਸਵਾਗਤ ਕੀਤਾ ਗਿਆ। ਦੁਨੀਆ ਦੇ ਕੋਨੇ ਕੋਨੇ ਤੋਂ ਸੰਗਤਾਂ ਨੇ ਗੁਰੂਧਾਮ ਵਿੱਚ ਨਤਮਸਤਕ ਹੋ ਕੇ ਆਪਣਾ ਜੀਵਨ ਸਫਲ ਕੀਤਾ। ਸਤਿਗੁਰੂ ਸਵਾਮੀ ਨਿਰੰਜਨ ਦਾਸ ਜੀ ਨੇ ਮੰਦਿਰ ਵਿੱਚ ਚੱਲ ਰਹੇ ਪ੍ਰੋਜੈਕਟਾਂ ਦਾ ਨਿਰੀਖਣ ਕੀਤਾ। ਸ਼੍ਰੀ ਗੁਰੂ ਰਵਿਦਾਸ ਪਾਰਕ ਵਿਖੇ ਸੁੰਦਰ ਦੀਪਮਾਲਾ ਕੀਤੀ ਗਈ ਤੇ ਸੰਗਤਾਂ ਨੇ ਨੱਚ ਕੇ ਖ਼ੁਸ਼ੀ ਦੀ ਪ੍ਰਗਟਾਵਾ ਕੀਤਾ। 9 ਫ਼ਰਵਰੀ ਨੂੰ ਹਰਿ ਦੇ ਨਿਸ਼ਾਨ ਸਾਹਿਬ ਝੁਲਾਏ ਗਏ ਅਤੇ ਜਗਤਗੁਰੂ ਰਵਿਦਾਸ ਜੀ ਮਹਾਰਾਜ ਜੀ ਦੀ ਪਾਵਣ ਅੰਮ੍ਰਿਤਬਾਣੀ ਦੇ ਪਾਠਾਂ ਦੇ ਭੋਗ ਪਾਏ ਗਏ। ਇਸ ਉਪਰੰਤ ਖੁੱਲ੍ਹੇ ਪੰਡਾਲ ਵਿੱਚ ਦੀਵਾਨ ਲਾਏ ਗਏ ਅਤੇ ਸੰਗਤਾਂ ਨੇ ਹਰਿ ਜੱਸ ਸਰਵਣ ਕੀਤਾ। ਵੱਖ ਵੱਖ ਦੇਸ਼ਾਂ ਤੋਂ ਆਈ ਸੰਗਤ ਨੇ ਵੱਖਰੀ ਵੱਖਰੀ ਭਾਸ਼ਾ ਵਿੱਚ ਗੁਰੂ ਜੀ ਦੀ ਮਹਿਮਾ ਸਰਵਣ ਕਰਾਈ। ਸੰਧਿਆ ਵੇਲੇ ਬਨਾਰਸ ਦੇ ਵੱਖ ਵੱਖ ਸ਼ਹਿਰਾਂ ਤੋਂ ਸ਼ਰਧਾਲੂ ਸੁੰਦਰ ਝਾਕੀਆਂ ਲੈ ਕੇ ਹਾਜ਼ਰ ਹੋਏ ਤੇ ਮੰਦਿਰ ਵਿੱਚ ਬਹੁਤ ਸੁੰਦਰ ਦੀਪਮਾਲਾ ਕੀਤੀ ਗਈ। ਮੰਦਿਰ ਦਾ ਮਨਮੋਹਕ ਦ੍ਰਿਸ਼ ਦੇਖਣ ਲਾਇਕ ਸੀ। ਇਸ ਤਰਾਂ ਸਤਿਗੁਰਾਂ ਦਾ ਪ੍ਰਕਾਸ਼ ਉਤਸਵ ਮਨਾ ਕੇ ਸੰਗਤਾਂ ਸਤਿਗੁਰੂ ਸਵਾਮੀ ਨਿਰੰਜਨ ਦਾਸ ਜੀ ਦੀ ਅਗਵਾਈ ਵਿੱਚ ਖ਼ੁਸ਼ੀ ਖ਼ੁਸ਼ੀ ਘਰਾਂ ਨੂੰ ਪਰਤੀਆਂ।
2020-04-25